ਹਜ਼ਾਰੀ ਪ੍ਰਸਾਦ ਦ੍ਵਿਵੇਦੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਜ਼ਾਰੀ ਪ੍ਰਸਾਦ ਦ੍ਵਿਵੇਦੀ (1907–1979) : ਹਿੰਦੀ ਸਾਹਿਤ ਦੇ ਉੱਚ-ਕੋਟੀ ਦੇ ਨਿਬੰਧਕਾਰ, ਨਾਵਲਕਾਰ, ਆਲੋਚਕ ਅਤੇ ਖੋਜਕਾਰ ਅਚਾਰੀਆ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਦਾ ਜਨਮ 20 ਅਗਸਤ 1907 ਨੂੰ ਬਿਹਾਰ ਪ੍ਰਾਂਤ ਦੇ ਬਲਿਆ ਜ਼ਿਲ੍ਹੇ ਦੇ ‘ਆਰਤ ਦੁਬੇ ਕਾ ਛੱਪਰਾ’ ਪਿੰਡ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਸ ਨੇ ਆਪਣੇ ਪਿਤਾ ਅਚਾਰੀਆ ਅਨਮੋਲ ਦ੍ਵਿਵੇਦੀ ਅਤੇ ਮਾਤਾ ਪਰਮਜੋਤ ਦੇਵੀ ਤੋਂ ਵਿਰਸੇ ਵਿੱਚ ਹੀ ਸਾਹਿਤਿਕ ਸੰਸਕਾਰ ਲਏ। ਉਸ ਦਾ ਪੜਦਾਦਾ ਜੋਤਸ਼ ਦਾ ਵੱਡਾ ਵਿਦਵਾਨ ਸੀ। ਆਪਣੀ ਪਰਿਵਾਰਿਕ ਪਰੰਪਰਾ ਨੂੰ ਅੱਗੇ ਤੋਰਦਿਆਂ ਉਸ ਨੇ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ ਅਤੇ 1930 ਵਿੱਚ ਕਾਸ਼ੀ ਹਿੰਦੂ ਯੂਨੀਵਰਸਿਟੀ ਤੋਂ ਜੋਤਸ਼ਾਚਾਰੀਆ ਅਤੇ ਇੰਟਰ ਦੀਆ ਪਰੀਖਿਆਵਾਂ ਪਾਸ ਕੀਤੀਆਂ। ਉਸੇ ਸਾਲ ਉਸ ਦੀ ਨਿਯੁਕਤੀ ਇੱਕ ਅਧਿਆਪਕ ਵਜੋਂ ‘ਸ਼ਾਂਤੀਨਿਕੇਤਨ’ ਵਿਖੇ ਹੋ ਗਈ। ਦ੍ਵਿਵੇਦੀ ਦੇ ਆਪਣੇ ਸ਼ਬਦਾਂ ਵਿੱਚ ਉਸ ਨੂੰ ਇਉਂ ਜਾਪਿਆ ਜਿਵੇਂ ਉਸ ਦਾ ਦੂਸਰਾ ਜਨਮ ਹੋਇਆ ਹੈ ਕਿਉਂਜੋ ਉਸ ਦੇ ਭਾਵੀ ਸਾਹਿਤਿਕ ਵਿਅਕਤਿਤਵ ਅਤੇ ਵਿਚਾਰਧਾਰਾ ਦਾ ਨਿਰਮਾਣ ਸ਼ਾਂਤੀਨਿਕੇਤਨ ਦੇ ਸ਼ਾਂਤ ਵਾਤਾਵਰਨ ਅਤੇ ਉੱਥੇ ਰਹਿਣ ਵਾਲੀਆਂ ਦੇਸੀ ਅਤੇ ਵਿਦੇਸ਼ੀ ਸ਼ਖ਼ਸੀਅਤਾਂ ਨੇ ਕੀਤਾ। ਇਹਨਾਂ ਵਿੱਚ ਗੁਰੂਦੇਵ ਰਾਬਿੰਦਰ ਨਾਥ ਟੈਗੋਰ, ਹਰਿਔਧ, ਪੰਡਤ ਵਿਧੁਸ਼ੇਖਰ ਭੱਟਾਚਾਰੀਆ, ਅਚਾਰੀਆ ਸ਼ਿਤਿਮੋਹਨ ਸੇਨ, ਅਚਾਰੀਆ ਨੰਦਲਾਲ ਵਸੁ, ਦੀਨਬੰਧੂ ਅਤੇ ਸੀ.ਐਫ. ਏਂਡਰੂਜ਼ ਮੁੱਖ ਰੂਪ ਵਿੱਚ ਸ਼ਾਮਲ ਸਨ। ਇੱਥੇ ਹੀ ਦ੍ਵਿਵੇਦੀ ਦੀ ਜਾਣ-ਪਛਾਣ ਪੰਡਤ ਬਨਾਰਸੀ ਦਾਸ ਚਤੁਰਵੇਦੀ ਨਾਲ ਹੋਈ ਜਿਸ ਸਦਕਾ ਉਸ ਨੇ ‘ਵਿਸ਼ਾਲ ਭਾਰਤ’ ਵਿੱਚ ਲਿਖਣਾ ਸ਼ੁਰੂ ਕੀਤਾ। 1940 ਤੋਂ 1950 ਤੱਕ ਦ੍ਵਿਵੇਦੀ ਨੇ ਸ਼ਾਂਤੀਨਿਕੇਤਨ ਦੇ ਹਿੰਦੀ ਭਵਨ ਦੇ ਡਾਇਰੈਕਟਰ ਦੇ ਅਹੁਦੇ ਤੇ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਦੀਆਂ ਹਿੰਦੀ ਸੇਵਾਵਾਂ ਨੂੰ ਵੇਖਦੇ ਹੋਏ 1949 ਵਿੱਚ ਲਖਨਊ ਵਿਸ਼ਵ ਵਿਦਿਆਲਿਆ ਨੇ ਉਸ ਨੂੰ ਡੀ.ਲਿਟ. ਉਪਾਧੀ ਦੇ ਸਨਮਾਨ ਨਾਲ ਨਿਵਾਜਿਆ। 1950 ਵਿੱਚ ਬਨਾਰਸ ਤੋਂ ਕਾਸ਼ੀ ਹਿੰਦੂ ਵਿਸ਼ਵਵਿਦਿਆਲਿਆ ਦੇ ਵਾਈਸ ਚਾਂਸਲਰ ਦੇ ਬੁਲਾਵੇ ਤੇ ਉਹ ਬਨਾਰਸ ਆ ਗਿਆ ਅਤੇ ਉੱਥੋਂ ਹਿੰਦੀ ਵਿਭਾਗ ਦਾ ਅਚਾਰੀਆ ਅਤੇ ਮੁਖੀ ਨਿਯੁਕਤ ਕੀਤਾ ਗਿਆ। 1960 ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਚਾਰੀਆ ਦ੍ਵਿਵੇਦੀ ਦੀ ਹਿੰਦੀ ਜਗਤ ਵਿੱਚ ਪਹਿਚਾਣ ਨੂੰ ਵੇਖਦੇ ਹੋਏ ਆਪਣੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁੱਖੀ ਵਜੋਂ ਪਦ ਗ੍ਰਹਿਣ ਕਰਨ ਲਈ ਸੱਦਾ ਦਿੱਤਾ। ਇੱਥੇ ਅਚਾਰੀਆ ਦ੍ਵਿਵੇਦੀ 1968 ਤੱਕ ਹਿੰਦੀ ਵਿਭਾਗ ਦਾ ਮੁਖੀ ਰਿਹਾ ਅਤੇ ਇੱਥੋਂ ਇੱਕ ਵਾਰ ਫੇਰ ਉਹ ਕਾਸ਼ੀ ਹਿੰਦੂ ਯੂਨੀਵਰਸਿਟੀ ਵਿੱਚ ‘ਰੇਕਟਰ’ ਬਣ ਕੇ ਚਲਾ ਗਿਆ। ਫੇਰ ਉੱਥੇ ਹੀ ਉਹ ਹਿੰਦੀ ਦੇ ਇਤਿਹਾਸਿਕ ਵਿਆਕਰਨ ਵਿਭਾਗ ਦਾ ਨਿਰਦੇਸ਼ਕ ਚੁਣ ਲਿਆ ਗਿਆ। ਅਚਾਰੀਆ ਦ੍ਵਿਵੇਦੀ ਆਪਣੇ ਅਕਾਦਮਿਕ ਜੀਵਨ ਵਿੱਚ ਕਈ ਹੋਰ ਮਹੱਤਵਪੂਰਨ ਪੱਦਾਂ ਤੇ ਵੀ ਸਮੇਂ-ਸਮੇਂ ਤੇ ਬਿਰਾਜਮਾਨ ਰਿਹਾ, ਜਿਵੇਂ ਕਿ 1955 ਵਿੱਚ ਉਹ  ‘ਆਫੀਸ਼ਿਅਲ ਲੈਂਗੂਏਜ਼ ਕਮਿਸ਼ਨ’ ਦਾ ਮੈਂਬਰ ਅਤੇ 1958 ਵਿੱਚ ਨੈਸ਼ਨਲ ਬੁੱਕ ਟਰੱਸਟ ਦਾ ਮੈਂਬਰ ਬਣਾਇਆ ਗਿਆ। ਇਸੇ ਤਰ੍ਹਾਂ ਉਹ ‘ਨਾਗਰੀ ਪ੍ਰਚਾਰਿਣੀ ਸਭਾ’ ਦਾ ਉਪ-ਸਭਾਪਤੀ, ਖੋਜ ਵਿਭਾਗ ਦਾ ਨਿਰਦੇਸ਼ਕ, ਨਾਗਰੀ ਪ੍ਰਚਾਰਿਣੀ  ਪੱਤ੍ਰਿਕਾ ਦਾ ਸੰਪਾਦਕ ਅਤੇ ਉੱਤਰ ਪ੍ਰਦੇਸ਼ ਹਿੰਦੀ ਗ੍ਰੰਥ ਅਕਾਦਮੀ ਦਾ ਮੁਖੀ ਵੀ ਰਿਹਾ। ਇਸ ਤਰ੍ਹਾਂ ਹਿੰਦੀ ਜਗਤ ਦੀ ਭਾਰੀ ਸੇਵਾ ਕਰਨ ਉਪਰੰਤ ਉਹ 1979 ਵਿੱਚ ਅਕਾਲ ਚਲਾਣਾ ਕਰ ਗਿਆ।

     ਅਚਾਰੀਆ ਦ੍ਵਿਵੇਦੀ ਦਾ ਪੂਰਾ ਸਾਹਿਤ ਮਨੁੱਖ ਦੀ ਚਿੰਤਾ ਨਾਲ ਜੁੜਿਆ ਹੋਇਆ ਹੈ। ਉਹ ਉਸ ਸਾਹਿਤ ਨੂੰ ਸਾਹਿਤ ਮੰਨਣ ਤੋਂ ਹੀ ਇਨਕਾਰ ਕਰਦਾ ਹੈ ਜਿਸ ਵਿੱਚ ਮਨੁੱਖ ਦੀ ਚਿੰਤਾ ਨਾ ਹੋਵੇ। ਮਨੁੱਖ ਦੀ ਚਿੰਤਾ ਤੋਂ ਉਸ ਦਾ ਭਾਵ ਉਸ ਸਾਹਿਤ ਤੋਂ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ, ਉਸ ਵਿਚਲੇ ਸਵਾਰਥੀ ਤੱਥਾਂ ਅਤੇ ਦੁਨਿਆਵੀ ਕਮਜ਼ੋਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਦ੍ਵਿਵੇਦੀ ਮਾਨਵਵਾਦੀ ਸੋਚ ਤੋਂ ਵੀ ਅੱਗੇ ਵਧਦੇ ਹੋਏ ਮਾਨਵਤਾਵਾਦੀ ਸੋਚ ਨੂੰ ਆਪਣੇ ਸਾਹਿਤ ਰਾਹੀਂ ਸੰਚਾਰਿਤ ਕਰਦਾ ਹੈ। ਉਸ ਦੇ ਚਾਰੋ ਨਾਵਲ ਬਾਣਭੱਟ ਕੀ ਆਤਮਕਥਾ, ਚਾਰੂਚੰਦ੍ਰਲੇਖ, ਪੁਨਰਨਵਾ ਅਤੇ ਅਨਾਮਦਾਸ ਕਾ ਪੋਥਾ  ਇਸੇ ਉਦੇਸ਼ ਦੀ ਪੂਰਤੀ ਕਰਦੇ ਹਨ। ਆਪਣੇ ਨਾਵਲਾਂ ਰਾਹੀਂ ਉਸ ਨੇ ਭਾਰਤੀ ਸੰਸਕ੍ਰਿਤੀ ਦਾ ਜਿਵੇਂ ਇੱਕ ਵਿਆਪਕ ਚਿੱਤਰ ਹੀ ਖਿੱਚ ਦਿੱਤਾ ਹੈ। ਆਪਣੀ ਅਦਭੁਤ ਰਚਨਾ-ਸ਼ੈਲੀ ਕਾਰਨ ਉਸ ਦਾ ਨਾਵਲ ਬਾਣਭੱਟ ਕੀ ਆਤਮਕਥਾ  ਸਾਹਿਤ ਸੰਸਾਰ ਵਿੱਚ ਵਿਸ਼ੇਸ਼ ਤੌਰ ਤੇ ਚਰਚਾ ਦਾ ਵਿਸ਼ਾ ਬਣਿਆ। ਅਚਾਰੀਆ ਦ੍ਵਿਵੇਦੀ ਦੇ ਨਿਬੰਧ ਵੀ ਉਸ ਦੀ ਸੋਚ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਵਿੱਚ ਸਮਰੱਥ ਹਨ। ਉਸ ਨੇ ਹਿੰਦੀ ਸਾਹਿਤ ਨੂੰ ਕਈ ਉੱਚ-ਕੋਟੀ ਦੇ ਨਿਬੰਧ ਦਿੱਤੇ ਅਤੇ ਹਿੰਦੀ ਨਿਬੰਧ ਸਾਹਿਤ ਵਿੱਚ ਲਲਿਤ ਨਿਬੰਧਕਾਰ ਦੇ ਰੂਪ ਵਿੱਚ ਵਿਸ਼ੇਸ਼ ਸ਼ਲਾਘਾ ਪਾਈ। ਅਸ਼ੋਕ ਕੇ ਫੂਲ, ਆਮ ਫਿਰ ਬੌਰਾ ਗਏ, ਦੇਵਦਾਰੂ, ਨਾਖੂਨ ਕਿਉਂ ਬੜਤੇ ਹੈਂ, ਆਲੋਕ ਪਰਵ ਆਦਿ ਉਸਦੇ ਕੁਝ ਪ੍ਰਤੀਨਿਧ ਨਿਬੰਧ ਹਨ।

     ਅਚਾਰੀਆ ਦ੍ਵਿਵੇਦੀ ਨੇ ਇੱਕ ਮੌਲਿਕ ਲੇਖਕ ਤੋਂ ਇਲਾਵਾ ਹਿੰਦੀ ਜਗਤ ਵਿੱਚ ਉੱਚ-ਕੋਟੀ ਦੇ ਆਲੋਚਕ ਦੇ ਰੂਪ ਵਿੱਚ ਵੀ ਆਪਣੀ ਪਹਿਚਾਣ ਬਣਾਈ। ਆਲੋਚਨਾ ਦੇ ਖੇਤਰ ਵਿੱਚ ਕਬੀਰ ਨਾਮਕ ਪੁਸਤਕ ਦ੍ਵਿਵੇਦੀ ਦੀ ਸੂਖਮ ਸ਼ੋਧ ਪ੍ਰਵਿਰਤੀ ਦਾ ਅਦਭੁਤ ਨਮੂਨਾ ਹੈ। ਉਸ ਨੇ ਕਬੀਰ ਬਾਰੇ ਆਪਣੇ ਤੋਂ ਪਹਿਲਾਂ ਦੇ ਸਾਰੇ ਵਿਦਵਾਨਾਂ ਦੀ ਸੋਚ ਨੂੰ ਅਧੂਰਾ ਅਤੇ ਪੱਖ-ਪਾਤ ਪੂਰਨ ਸਿੱਧ ਕਰਦੇ ਹੋਏ ਕਬੀਰ ਨੂੰ ਇੱਕ ਨਵੀਂ ਪਹਿਚਾਣ ਦਿੱਤੀ। ਕਬੀਰ ਤੋਂ ਇਲਾਵਾ ਉਸ ਨੇ ਮੱਧ-ਕਾਲੀਨ ਭਗਤਾਂ ਵਿੱਚੋਂ ਸੂਰਦਾਸ ਤੇ ਵੀ ਇੱਕ ਪੁਸਤਕ ਦੀ ਰਚਨਾ ਕੀਤੀ। ਦ੍ਵਿਵੇਦੀ ਨੂੰ ਮੱਧ-ਕਾਲੀਨ ਨਾਥਾਂ ਅਤੇ ਸੰਤਾਂ ਨੇ ਉਚੇਚੇ ਤੌਰ ਤੇ ਪ੍ਰਭਾਵਿਤ ਕੀਤਾ। ਇਸ ਖੇਤਰ ਵਿੱਚ ਨਾਥ ਸੰਪ੍ਰਦਾਇ, ਮੱਧਕਾਲੀਨ ਧਰਮ ਸਾਧਨਾ, ਸਹਿਜ ਸਾਧਨਾ ਅਤੇ ਮੱਧਕਾਲੀਨ ਬੋਧ ਕਾ ਸਰੂਪ ਉਸ ਦੀਆਂ ਮਹੱਤਵਪੂਰਨ ਪੁਸਤਕਾਂ ਹਨ।

     ਅਚਾਰੀਆ ਦ੍ਵਿਵੇਦੀ ਨੇ ਹਿੰਦੀ ਸਾਹਿਤ ਦੇ ਇਤਿਹਾਸ ਨੂੰ ਭਾਰਤੀ ਸੰਸਕ੍ਰਿਤਿਕ ਪਰੰਪਰਾ ਵਿੱਚ ਰੱਖ ਕੇ ਉਸ ਦਾ ਪੁਨਰ-ਮੁਲਾਂਕਣ ਵੀ ਕੀਤਾ। ਦ੍ਵਿਵੇਦੀ ਅਨੁਸਾਰ ਕਿਸੇ ਵੀ ਯੁੱਗ ਦਾ ਸਾਹਿਤਕਾਰ ਅਤੇ ਉਸ ਯੁੱਗ ਦੀਆਂ ਸਾਹਿਤਿਕ ਪ੍ਰਵਿਰਤੀਆਂ ਆਪਣੀ ਪਰੰਪਰਾ ਤੋਂ ਵਿਛੁੰਨੀਆਂ ਨਹੀਂ ਹੁੰਦੀਆਂ। ਇਸ ਲਈ ਉਸ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਨੂੰ ਉਹਨਾਂ ਦੀ ਸੰਸਕ੍ਰਿਤਿਕ ਪਰੰਪਰਾ ਵਿੱਚ ਰੱਖ ਕੇ ਹੀ ਵੇਖਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਨਾਲ ਉਸ ਦੀ ਪੁਸਤਕ ਹਿੰਦੀ ਸਾਹਿਤਯ ਕੀ ਭੂਮਿਕਾ ਨੇ ਸਾਹਿਤ-ਇਤਿਹਾਸ ਦੇ ਖੇਤਰ ਵਿੱਚ ਪਹਿਲਾਂ ਤੋਂ ਪ੍ਰਚਲਿਤ ਅਨੇਕ ਭੁਲੇਖਿਆਂ ਨੂੰ ਨਿਰਾਧਾਰ ਸਿੱਧ ਕੀਤਾ ਅਤੇ ਅਨੇਕ ਨਵੇਂ ਤੱਥਾਂ ਨੂੰ ਸਥਾਪਿਤ ਕੀਤਾ। ਉਸ ਨੇ ਇਤਿਹਾਸ ਦੀ ਪੜਚੋਲ ਲਈ ਪਹਿਲੀ ਵਾਰ ਲੋਕ ਸਾਹਿਤ ਨੂੰ ਵੀ ਮਹੱਤਵ ਦਿੰਦੇ ਹੋਏ ਇਹ ਸਿੱਧ ਕੀਤਾ ਕਿ ਸਾਡੀਆਂ ਬਹੁਤ ਸਾਰੀਆਂ ਪਰੰਪਰਾਵਾਂ ਲੋਕ ਧਰਾਤਲ ਤੇ ਹੀ ਪਲਦੀਆਂ ਅਤੇ ਅੱਗੇ ਵਧਦੀਆਂ ਹਨ। ਇਸ ਲਈ ਸਾਹਿਤ ਦਾ ਠੀਕ ਅਧਿਐਨ ਕਰਨ ਲਈ ਸਾਨੂੰ ਯੁੱਗ ਵਿਸ਼ੇਸ਼ ਦੇ ਲੋਕ-ਸਾਹਿਤ ਅਤੇ ਲੋਕ ਵਿਸ਼ਵਾਸ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

     ਹਿੰਦੀ ਸਾਹਿਤ-ਉਦਭਵ ਔਰ ਵਿਕਾਸ,ਹਿੰਦੀ ਸਾਹਿਤਯ ਕਾ ਆਦਿਕਾਲ, ਸਿੱਖ ਗੁਰੂਅੋਂ ਕਾ ਪੂੱਨਯ ਸਮਰਣ, ਲਾਲਿਤਯ ਤੱਤਵ, ਸਾਹਿਤਯ ਕਾ ਸਾਥੀ, ਮੇਘਦੂਤ : ਏਕ ਪੁਰਾਨੀ ਕਹਾਨੀ, ਅਸ਼ੋਕ ਕੇ ਫੂਲ, ਆਲੋਕ ਪਰਵ ਅਚਾਰੀਆ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਰਚਿਤ ਕੁਝ ਜ਼ਿਕਰਯੋਗ ਰਚਨਾਵਾਂ ਹਨ।

 


ਲੇਖਕ : ਰਵੀ ਕੁਮਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.